Saturday, 23 June 2012

This report comes from Ajit Jalandhar With thanks 1


ਗੈਰ ਸਿੱਖ ਪ੍ਰਮੁੱਖ ਸ਼ਖਸ਼ੀਅਤਾਂ ਦੀ ਵੀ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਿਮੰਦਰ ਸਾਹਿਬ ਇੰਗਲੈਂਡ ਦੀ ਮਹਾਰਾਣੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ
ਹੋ ਚੁੱਕੇ ਹਨ ਨਤਮਸਤਕ

ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਸਟੀਫਨ ਹਾਰਪਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ
ਸਿੰਘ ਸਾਹਿਬ ਪਾਸੋਂ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹੋਇਆਂ ਦੀ ਪੁਰਾਣੀ ਤਸਵੀਰ।
ਅੰਮ੍ਰਿਤਸਰ. ਹਰਪ੍ਰੀਤ ਸਿੰਘ ਗਿੱਲ
22 ਜੂਨ ૿ ਗੁਰੂ ਸਾਹਿਬਾਨ ਨੇ 'ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ' ਕਹਿੰਦਿਆਂ ਸਿੱਖਾਂ ਨੂੰ ਸਮੁੱਚੀ ਮਨੁੱਖਤਾ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ ਅਤੇ ਇਤਿਹਾਸਕਾਰਾਂ ਅਨੁਸਾਰ ਇਸੇ ਕਥਨ ਦੀ ਪ੍ਰੋੜਤਾ ਕਰਦਿਆਂ ਪੰਜਵੇਂ ਗੁਰੂ ਸਾਹਿਬ ਨੇ ਸਿੱਖਾਂ ਦੇ ਸਰਵ ਉਚ ਧਾਰਮਿਕ ਸਥਾਨ ਵਜੋਂ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਮਾਨ ਸਾਂਈ ਮੀਂਆਂ ਮੀਰ ਪਾਸੋਂ ਰੱਖਵਾਇਆ ਅਤੇ ਇਕ ਮਿਥ ਅਨੁਸਾਰ ਇਸ ਰੱਬੀ ਨੂਰ ਦੇ ਸੋਮੇ ਦੇ ਚੁਫੇਰੇ ਦਰਵਾਜ਼ੇ ਰੱਖਣ ਪਿਛੇ ਵੀ ਇਸ ਨੂੰ ਸਰਬ ਸਾਂਝਾ ਦਰਸਾਉਣ ਦੀ ਸੋਚ ਹੈ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਂਵੇ ਸਿੱਖਾਂ ਦਾ ਮੁੱਖ ਧਾਰਮਿਕ ਸਥਾਨ ਹੈ ਪਰ ਸ਼ੁਰੂ ਤੋਂ ਹੀ ਗੈਰ ਸਿੱਖਾਂ ਦੀ ਆਸਥਾ ਦਾ ਵੀ ਪ੍ਰਬਲ ਕੇਂਦਰ ਰਿਹਾ ਹੈ। ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਗੈਰ ਸਿੱਖ ਨਾ ਕੇਵਲ ਦਰਸ਼ਨਾਂ ਲਈ ਇਥੇ ਆਉਂਦੇ ਸਨ ਬਲਕਿ ਸੇਵਾ 'ਚ ਵੀ ਵੱਧ ਚੜ੍ਹ ਕੇ ਭਾਗ ਲੈਂਦੇ ਰਹੇ ਅਤੇ ਇਹ ਸ਼ਰਧਾ ਤੇ ਪਿਰਤ ਲਗਾਤਾਰ ਬਰਕਰਾਰ ਰਹੀ। 80 ਦੇ ਦਹਾਕੇ 'ਚ ਪੰਜਾਬ 'ਤੇ ਚੜ੍ਹੀ ਕਾਲੀ ਬੋਲੀ ਹਨੇਰੀ ਦੌਰਾਨ ਸਮੇਂ ਦੀ ਹਕੂਮਤ ਦੇ ਸਰੂਪ 'ਚ ਕੁਝ ਕਥਿਤ 'ਕਾਲੀਆਂ ਤਾਕਤਾਂ' ਵੱਲੋਂ ਇਸ ਸ਼ਾਂਤੀ ਦੇ ਮੁਜੱਸਮੇ ਨੂੰ ਲਹੂ ਲੁਹਾਨ ਕੀਤਾ ਗਿਆ, ਜਿਸ ਨਾਲ ਸਿੱਖ ਹਿਰਦੇ ਪੀੜਾ 'ਚ ਕੁਰਲਾਏ ਅਤੇ ਵਧੀ ਦੂਰੀ ਕਾਰਨ ਗੈਰ ਸਿੱਖਾਂ ਦੀ ਇਥੇ ਆਮਦ ਕਾਫੀ ਘੱਟ ਗਈ। ਪਰ ਇਤਿਹਾਸ ਦੀ ਗਵਾਹੀ ਦੱਸਦੀ ਹੈ ਕਿ ਇਸ ਪਵਿਤਰ ਸਥਾਨ ਨੂੰ ਮਲੀਆਮੇਟ ਕਰਨ ਦੀ ਖਾਹਿਸ਼ ਵਾਲੇ ਹਮੇਸ਼ਾਂ ਮਿੱਟੀ 'ਚ ਮਿਲ ਜਾਂਦੇ ਰਹੇ ਪਰ ਇਸ ਸੁਨਿਹਰੀ ਮੰਦਰ ਦੀ ਅਦੁੱਤੀ ਖਿੱਚ ਹਮੇਸ਼ਾ ਜਾਰੀ ਰਹੀ। ਕਾਲੀ ਰਾਤ ਦੇ ਗੁਜ਼ਰਨ ਮਗਰੋਂ ਚੜ੍ਹੀ ਚਿੱਟੀ ਸਵੇਰ ਦੀ ਲੋਅ 'ਚ ਇਸ ਰੱਬ ਦੇ ਘਰ ਨਾਲ ਮੋਹ ਰੱਖਣ ਵਾਲੇ ਫਿਰ ਨਤਮਸਤਕ ਹੋਣ ਉੱਘੜ ਪਏ ਅਤੇ ਹੌਲੀ-ਹੌਲੀ ਸਭ ਕੁਝ ਆਮ ਹੋ ਗਿਆ। ਅੱਜ ਦੀ ਗਿਣਤੀ ਅਨੁਸਾਰ ਲਗਭਗ ਇੱਕ ਲੱਖ ਸ਼ਰਧਾਲੂ ਰੋਜਾਨਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ ਹੈ ਅਤੇ ਉਨ੍ਹਾਂ 'ਚ 40 ਫੀਸਦੀ ਦੇ ਲਗਭਗ ਗੈਰ ਸਿੱਖ ਸ਼ਾਮਿਲ ਹੁੰਦੇ ਹਨ। ਇਥੇ ਨਿਮਾਣੇ ਸ਼ਰਧਾਲੂ ਵਜੋਂ ਹਾਜ਼ਰ ਹੋਣ ਵਾਲਿਆਂ 'ਚ ਲਗਭਗ ਸਮੁੱਚੇ ਵਿਸ਼ਵ 'ਤੇ ਰਾਜ ਕਰ ਚੁੱਕੇ ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈਥ ਅਤੇ ਵਿਸ਼ਵ 'ਚ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਹਾਮੀ ਦੇਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਪਨ ਹਾਰਪਰ ਵੀ ਸ਼ੁਮਾਰ ਕਰਦੇ ਹਨ। ਅਹਿਮ ਗੱਲ ਹੈ ਕਿ ਦੋਹਾਂ ਨੇ ਇਥੇ ਆ ਕੇ ਜਿਥੇ ਆਤਮਿਕ ਸ਼ਾਂਤੀ ਮਿਲਣ ਦਾ ਅਨੁਭਵ ਜਤਾਇਆ ਉਥੇ ਗੁਰੂ ਘਰ ਨੂੰ ਮਨੁੱਖਤਾ ਦੀ ਭਲਾਈ ਦਾ ਉੱਜਵਲ ਸਰੋਤ ਮੰਨਿਆ। ਉਕਤ ਦੋਹਾਂ ਤੋਂ ਇਲਾਵਾ ਬਰਤਾਨੀਆ ਦੇ ਰਾਜਕੁਮਾਰ ਚਾਰਲਸ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੀਨ ਕਰੱਸਟੀਅਨ, ਫਿਜ਼ੀ ਦੇ ਪ੍ਰਧਾਨ ਮੰਤਰੀ, ਸੇਂਟ ਕਿਡਜ਼ ਦੇ ਪ੍ਰਧਾਨ ਮੰਤਰੀ, ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਚੈਰੀ ਬਲੇਅਰ, ਕੈਨੇਡਾ ਅਤੇ ਬਰਤਾਨੀਆਂ ਸਮੇਤ ਬਹੁਤ ਸਾਰੇ ਮੁਲਖਾਂ ਦੇ ਮੰਤਰੀ, ਹਾਈ ਕਮਿਸ਼ਨ ਅਤੇ ਹੋਰ ਅਧਿਕਾਰੀ ਇਥੇ ਸ਼ਰਧਾ ਪੂਰਵਕ ਮੱਥਾ ਟੇਕ ਚੁੱਕੇ ਹਨ ਅਤੇ ਹਰੇਕ ਨੇ ਆਪਣੇ ਅਨੁਭਵ ਨੂੰ ਬਿਆਨਦਿਆਂ ਇਥੋਂ ਮਿਲੇ ਅਦੁੱਤੀ ਸਰੂਰ ਦਾ ਜ਼ਿਕਰ ਕੀਤਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਬੰਧਿਤ ਬਹੁਤ ਸਾਰੀਆਂ ਪ੍ਰਮੁੱਖ ਸਿਆਸੀ ਸਖਸ਼ੀਅਤਾਂ ਵੀ ਇਥੇ ਸੀਸ ਝੁਕਾ ਚੁੱਕੀਆਂ ਹਨ। ਵਿਦੇਸ਼ੀ ਰਾਸ਼ਟਰ ਮੁਖੀਆਂ ਤੋਂ ਇਲਾਵਾ ਵੱਖ-ਵੱਖ ਧਰਮ ਗੁਰੂ ਵੀ ਇਥੇ ਦਰਸ਼ਨ ਕਰਨ ਆ ਚੁੱਕੇ ਹਨ ਜਿਨ੍ਹਾਂ 'ਚ ਬੁੱਧ ਮਤ ਦੇ ਦਲਾਈ ਲਾਮਾ, ਇਟਲੀ ਦੇ ਦੂਸਰੇ ਪੋਪ, ਸ੍ਰੀ ਸ੍ਰੀ ਰਵੀ ਸ਼ੰਕਰ, ਅਜ਼ਮੇਰ ਸ਼ਰੀਫ ਜਾਮਾ ਮਸਜ਼ਿਦ ਦੇ ਮੁਖੀ ਸ਼ਾਮਿਲ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਨੂੰ ਉਕਤ ਸਾਰਿਆਂ ਨੇ ਆਪਣੇ ਲਈ ਵਡਮੁੱਲਾ ਮਾਣ ਦੱਸਦਿਆਂ ਰੁਹਾਨੀਅਤ ਦੇ ਇਸ ਕੇਂਦਰ ਤੋਂ ਇਲਾਹੀ ਨੂਰ ਪ੍ਰਾਪਤ ਹੋਇਆ ਮੰਨਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਹੋਰਨਾਂ ਗੈਰ ਸਿੱਖ ਪ੍ਰਭਾਵਸ਼ਾਲੀ ਸਖਸ਼ੀਅਤਾਂ 'ਚ ਭਾਰਤੀ ਰਾਸ਼ਟਰਪਤੀ ਸ੍ਰੀ ਏ. ਪੀ. ਜੀ. ਅਬਦੁੱਲ ਕਲਾਮ ਅਤੇ ਸ੍ਰੀਮਤੀ ਪ੍ਰਤਿਭਾ ਪਾਟਿਲ ਸ਼ਾਮਿਲ ਹਨ, ਉਨ੍ਹਾਂ ਤੋਂ ਇਲਾਵਾ ਉਪ ਰਾਸ਼ਟਰਪਤੀ ਡਾ. ਹਾਮਿਦ ਅਨਸਾਰੀ, ਸ੍ਰੀ ਭੈਰੋਂ ਸਿੰਘ ਸ਼ੇਖਾਵਤ, ਸਾਬਕਾ ਪ੍ਰਧਾਨ ਮੰਤਰੀ ਸ੍ਰੀ ਚੰਦਰ ਸ਼ੇਖਰ, ਸ੍ਰੀ ਇੰਦਰ ਕੁਮਾਰ ਗੁਜ਼ਰਾਲ, ਸ੍ਰੀ ਅਟਲ ਬਿਹਾਰੀ ਵਾਜਪੇਈ, ਸ੍ਰੀ ਵੀ. ਪੀ. ਸਿੰਘ ਵੀ ਇਥੇ ਨਤਮਸਤਕ ਹੋ ਕੇ ਮਾਨਸਿਕ ਸ਼ਾਂਤੀ ਪ੍ਰਾਪਤ ਕਰ ਚੁੱਕੇ ਹਨ। ਮੁਖ ਭਾਰਤੀ ਸਿਆਸੀ ਪਾਰਟੀਆਂ ਦੇ ਮੁਖੀਆਂ ਵਜੋਂ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਦਿਆਂ ਰੂਹਾਨੀ ਅਸ਼ੀਰਵਾਦ ਪ੍ਰਾਪਤ ਹੋਣ ਦੀ ਗੱਲ ਕਹੀ। ਮੌਜੂਦਾ ਕੇਂਦਰੀ ਵਜ਼ੀਰਾਂ 'ਚੋਂ ਸ੍ਰੀ ਪੀ. ਚਿਦੰਬਰਮ, ਸ੍ਰੀ ਵੀ. ਕੇ. ਥਾਮਸ, ਸ੍ਰੀ ਕਪਿਲ ਸਿੱਬਲ, ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ, ਸ੍ਰੀ ਅਨੰਦ ਸ਼ਰਮਾ, ਸ੍ਰੀ ਜੈ ਰਾਮ ਰਮੇਸ਼ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਪਰਿਵਾਰ ਅਤੇ ਮਨੁਖਤਾ ਦੇ ਭਲੇ ਲਈ ਅਰਦਾਸ ਕਰ ਚੁੱਕੇ ਹਨ। ਸੂਤਰਾਂ ਅਨੁਸਾਰ ਭਾਜਪਾ ਆਗੂ ਸ੍ਰੀ ਅਡਵਾਨੀ ਦੇ ਮਾਤਾ ਨਾਲ ਸਬੰਧਿਤ ਹਰੇਕ ਵਰ੍ਹੇ ਹਰਿ ਕੀ ਪੌੜੀ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਿਲ ਹੁੰਦੇ ਹਨ। ਵਿਸ਼ਵ ਦੀਆਂ ਪ੍ਰਮੁੱਖ ਕਾਰੋਬਾਰ ਸਖਸ਼ੀਅਤਾਂ 'ਚ ਸ਼ੁਮਾਰ ਕਰਦੇ ਅੰਬਾਨੀ ਪਰਿਵਾਰ, ਇਸਪਾਤ ਕਿੰਗ ਸ੍ਰੀ ਲਕਸ਼ਮੀ ਮਿੱਤਲ, ਸ੍ਰੀ ਵਿਜੈ ਮਾਲੀਆ, ਗੋਦਰੇਜ਼ ਪਰਿਵਾਰ, ਭਾਰਤੀ ਗਰੁਪ ਦੇ ਸ੍ਰੀ ਸੁਨੀਲ ਮਿੱਤਲ, ਡੀ. ਐਲ. ਐਫ. ਪਰਿਵਾਰ, ਸਪਾਈਸ ਦੇ ਸ੍ਰੀ ਬੀ. ਖੇ. ਮੋਦੀ, ਕੋਲ ਇੰਡੀਆ ਦੇ ਚੇਅਰਮੈਨ ਐਸ. ਨਰਸਿੰਗ ਰਾਓ, ਬਿਰਲਾ ਪਰਿਵਾਰ, ਜੈਟ ਏਅਰਵੇਜ਼ ਦੇ ਸੀ. ਐਮ. ਡੀ. ਸ੍ਰੀ ਨਰੇਸ਼ ਗੋਇਲ ਆਦਿ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਨਿਨ ਸ਼ਰਧਾ ਰੱਖਦਿਆਂ ਹਾਜ਼ਰੀ ਲਗਵਾਉਂਦੇ ਰਹੇ ਹਨ। ਦੇਸ਼ ਦੀ ਫਿਲਮ ਸਨਅਤ ਦੇ ਚੋਟੀ ਦੇ ਸਿਤਾਰੇ ਅਤੇ ਨਿਰਮਾਤਾ ਨਿਰਦੇਸ਼ਕ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਸ਼ਰਧਾਲੂਆਂ 'ਚ ਸ਼ਾਮਿਲ ਹਨ। ਉਘੀ ਫਿਲਮ ਸਖਸ਼ੀਅਤ ਸ੍ਰੀ ਯਸ਼ ਚੋਪੜਾ ਹਰ ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਰੁਮਾਲਾ ਚੜਾਉਣ ਦੀ ਸੇਵਾ ਲਈ ਆਉਂਦੇ ਹਨ। ਉਨ੍ਹਾਂ ਤੋਂ ਇਲਾਵਾ ਸਮੁੱਚਾ ਬੱਚਨ ਪਰਿਵਾਰ, ਜੇ. ਪੀ ਦੱਤਾ, ਮਧੁਰ ਭੰਡਾਰਕਰ, ਸਲਮਾਨ ਖਾਨ, ਸ਼ਾਹਰੁਖ ਖਾਨ, ਆਮਿਰ ਖਾਨ, ਅਕਸ਼ੈ ਕੁਮਾਰ, ਅਨਿਲ ਕਪੂਰ, ਰਿਸ਼ੀ ਕਪੂਰ, ਰਣਬੀਰ ਕਪੂਰ, ਜਤਿੰਦਰ , ਸ਼ਕਤੀ ਕਪੂਰ, ਕੈਟਰੀਨਾ ਕੈਫ, ਰਵੀਨਾ ਟੰਡਨ, ਰਾਣੀ ਮੂਖਰਜੀ, ਸ਼ਿਲਪਾ ਸ਼ੈਟੀ, ਸੋਨਮ ਕਪੂਰ ਆਦਿ ਸਮੇਤ ਬਹੁਤ ਸਾਰੀਆਂ ਫਿਲਮੀ ਸਖਸ਼ੀਅਤਾਂ ਸ੍ਰੀ ਹਰਿਮੰਦਰ ਸ਼ਾਹਿਬ ਵਿਖੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਢਭਾਗੇ ਕਹਿ ਚੁੱਕੇ ਹਨ। ਉਕਤ ਪ੍ਰਮੁਖ ਸ਼ਖਸ਼ੀਅਤਾਂ ਤੋਂ ਇਲਾਵਾ ਕਰੋੜਾਂ ਦੀ ਗਿਣਤੀ 'ਚ ਗੈਰ ਸਿੱਖ ਸ੍ਰੀ ਹਰਿਮੰਦਰ ਸਾਹਿਬ 'ਚ ਭਰਪੂਰ ਆਸਥਾ ਰੱਖਦੇ ਹਨ ਅਤੇ ਇਥੇ ਅਰਦਾਸ ਉਪਰੰਤ ਮਿਲੀਆਂ ਅਨੂਠੀਆਂ ਖੁਸ਼ੀਆਂ ਦਾ ਦਾਅਵਾ ਕਰਦੇ ਹਨ। ਇਸ ਸਰਬ ਸਾਂਝੇ ਧਾਰਮਿਕ ਸਥਾਨ 'ਚ ਡੂੰਗੀ ਮਾਨਸਿਕ ਆਸਥਾ ਰੱਖਦੇ ਲੋਕ, ਅਜੋਕੇ ਸਮੇਂ ਦੌਰਾਨ ਕਥਿਤ ਨਿੱਜੀ ਮੁਫਾਦਾਂ ਅਤੇ ਸ਼ੌਹਰਤ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਇਸਦੇ ਆਲੇ ਦੁਆਲੇ ਸਬੰਧੀ ਕੀਤੀ ਜਾ ਰਹੀ ਕਈ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਮੁੜ ਭੈ-ਭੀਤ ਮਹੌਲ 'ਚੋਂ ਗੁਜ਼ਰ ਰਹੇ ਪ੍ਰਤੀਤ ਹੁੰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ ਕੁਝ ਗੈਰ ਸਿੱਖ ਸ਼ਰਧਾਲੂਆਂ ਨੇ ਪ੍ਰਮਾਤਮਾ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੁਹਾਨੀਅਤ ਦੇ ਕੇਂਦਰ ਨੂੰ ਸਿਆਸਤ ਦੀ ਭੇਟ ਨਾ ਚਾੜਿਆ ਜਾਵੇ ਅਤੇ ਲੋਕਾਂ ਦੀ ਅਥਾਹ ਸ਼ਰਧਾ ਨਾਲ ਖਿਲਵਾੜ ਨਾ ਕੀਤਾ ਜਾਵੇ।

No comments:

Post a Comment